ਕਾਲਜ ਅਤੇ ਕਮਿਊਨਿਟੀ ਫੈਲੋਸ਼ਿਪ ਗ੍ਰੈਜੂਏਸ਼ਨ ਸਮਾਰੋਹ ਵਿੱਚ ਚਮਕਦਾਰ ਪੀਲੇ ਰੰਗ ਦੀ ਟੋਪੀ ਅਤੇ ਗਾਊਨ ਵਿੱਚ ਮੁਸਕਰਾਉਂਦੀ ਹੋਈ ਇੱਕ ਔਰਤ।​​ 
ਭਾਈਵਾਲੀਆਂ​​  15 ਮਈ, 2026​​ 

15 ਮਈ, 2026​​ 

NYC Votes ਦੇ ਸੰਪਾਦਕੀ ਸਟਾਫ ਵੱਲੋਂ​​ 

ਇਸ ਮਹੀਨੇ ਦੀ ਸਪੌਟਲਾਈਟ ਵਿੱਚ, NYC Votes ਨੇ ਕਾਲਜ ਅਤੇ ਭਾਈਚਾਰਾ ਫੈਲੋਸ਼ਿਪ (College & Community Fellowship, CCF) ਦੀ Minerva Coffie (ਮਿਨਰਵਾ ਕੌਫੀ) ਨੂੰ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ਕਿ ਸੰਗਠਨ ਕਿਸ ਤਰ੍ਹਾਂ ਸਿੱਖਿਆ, ਵਕਾਲਤ ਅਤੇ ਨਾਗਰਿਕ ਸ਼ਮੂਲੀਅਤ ਰਾਹੀਂ ਸ਼ਹਿਰ ਭਰ ਵਿੱਚ ਨਿਆਂ-ਪ੍ਰਣਾਲੀ ਤੋਂ ਪ੍ਰਭਾਵਿਤ ਔਰਤਾਂ ਦਾ ਸਮਰਥਨ ਕਰਦੇ ਹਨ। ਔਰਤਾਂ ਨੂੰ ਰਿਹਾਇਸ਼, ਦੇਖਭਾਲ ਅਤੇ ਰੁਜ਼ਗਾਰ ਨਾਲ ਜੁੜੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਕਰਨ ਤੋਂ ਲੈ ਕੇ ਸਿਆਸੀ ਤਾਕਤ ਬਣਾਉਣ ਤੱਕ, ਉਹ ਸਾਂਝਾ ਕਰਦੇ ਹੋਏ ਕਹਿੰਦੇ ਹਨ ਕਿ ਕਿਵੇਂ CCF ਅਜਿਹੀਆਂ ਥਾਵਾਂ ਬਣਾ ਰਿਹਾ ਹੈ ਜਿੱਥੇ ਔਰਤਾਂ ਸਰੋਤਾਂ ਤੱਕ ਪਹੁੰਚ ਕਰ ਸਕਦੀਆਂ ਹਨ ਅਤੇ ਭਾਈਚਾਰੇ ਨੂੰ ਮਜ਼ਬੂਤ ਕਰ ਸਕਦੀਆਂ ਹਨ।​​ 

ਸਾਨੂੰ ਆਪਣੇ ਸੰਗਠਨ, ਤੁਹਾਡੇ ਨਾਲ ਕੰਮ ਕਰਨ ਵਾਲੇ ਲੋਕਾਂ ਅਤੇ ਨਿਊਯਾਰਕ ਸ਼ਹਿਰ ਵਿੱਚ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿੱਚ ਸਭ ਤੋਂ ਮਹੱਤਵਪੂਰਨ ਮੁੱਦਿਆਂ ਬਾਰੇ ਦੱਸੋ।​​   

ਕਾਲਜ ਅਤੇ ਭਾਈਚਾਰਾ ਫੈਲੋਸ਼ਿਪ (College & Community Fellowship, CCF) ਸਿੱਖਿਆ, ਵਕਾਲਤ ਅਤੇ ਭਾਈਚਾਰਕ ਸਹਿਯੋਗ ਰਾਹੀਂ ਨਿਊਯਾਰਕ ਸ਼ਹਿਰ ਵਿੱਚ ਨਿਆਂ-ਪ੍ਰਣਾਲੀ ਤੋਂ ਪ੍ਰਭਾਵਿਤ ਔਰਤਾਂ ਦਾ ਸਮਰਥਨ ਕਰਦੀ ਹੈ। ਅਸੀਂ ਜਿਨ੍ਹਾਂ ਔਰਤਾਂ ਦੀ ਮਦਦ ਕਰਦੇ ਹਾਂ ਉਹ ਇਸ ਗੱਲ ਦੀ ਉਦਾਹਰਣ ਹਨ ਕਿ ਸਮਾਜਕ ਅਸਮਾਨਤਾਵਾਂ ਔਰਤਾਂ 'ਤੇ ਕਿੰਨਾ ਡੂੰਘਾ ਅਤੇ ਵੱਖਰਾ ਅਸਰ ਪਾਉਂਦੀਆਂ ਹਨ- ਅਤੇ ਨਿਆਂ ਪ੍ਰਣਾਲੀ ਨਾਲ ਜੁੜਨ 'ਤੇ ਇਹ ਅਸਮਾਨਤਾਵਾਂ ਅਕਸਰ ਹੋਰ ਵੀ ਵੱਧ ਜਾਂਦੀਆਂ ਹਨ। ਸਾਡੇ ਭਾਈਚਾਰੇ ਵਿੱਚ ਵੱਖ-ਵੱਖ ਪੀੜ੍ਹੀਆਂ ਦੀਆਂ ਔਰਤਾਂ ਸ਼ਾਮਲ ਹਨ, ਜਿਸ ਵਿੱਚ 70 ਸਾਲ ਦੀਆਂ ਔਰਤਾਂ ਵੀ ਸ਼ਾਮਲ ਹਨ ਅਤੇ ਇਹਨਾਂ ਵਿੱਚ ਜ਼ਿਆਦਾਤਰ ਮਾਵਾਂ ਅਤੇ ਮੁੱਖ ਦੇਖਭਾਲਕਰਤਾ ਹਨ ਜੋ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਵਿੱਚੋਂ ਇੱਕ ਵਿੱਚ ਪਰਿਵਾਰ, ਸਕੂਲ ਅਤੇ ਗੁਜ਼ਾਰਾ ਕਰਨ ਦੀਆਂ ਜ਼ਰੂਰਤਾਂ ਵਿੱਚ ਤਾਲਮੇਲ ਕਰ ਰਹੀਆਂ ਹਨ। ​​ 

ਸਾਡੇ ਮੈਂਬਰਾਂ ਦੇ ਰੋਜ਼ਾਨਾ ਜੀਵਨ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਮੁੱਦਿਆਂ ਵਿੱਚ ਵਿੱਤੀ ਸਥਿਰਤਾ, ਸਿੱਖਿਆ ਅਤੇ ਰੁਜ਼ਗਾਰ ਤੱਕ ਪਹੁੰਚ, ਦੇਖਭਾਲ ਦੀਆਂ ਜ਼ਿੰਮੇਵਾਰੀਆਂ, ਰਿਹਾਇਸ਼ ਅਤੇ ਅਜਿਹੇ ਸਿਸਟਮਾਂ ਨਾਲ ਨਜਿੱਠਣਾ ਸ਼ਾਮਲ ਹਨ, ਜੋ ਉਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਤਿਆਰ ਕੀਤੇ ਗਏ ਸਨ।​​ 

ਬਹੁਤ ਸਾਰੇ ਲੋਕਾਂ ਨੂੰ ਵਿੱਤੀ ਅਸਥਿਰਤਾ ਅਤੇ ਬਦਲਦੀਆਂ ਸਿਆਸੀ ਅਤੇ ਸਮਾਜਕ ਤਰਜੀਹਾਂ ਕਰਕੇ ਕਈ ਤਰ੍ਹਾਂ ਦੀਆਂ ਰਲਵੀਆਂ-ਮਿਲਵੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਮੌਕਿਆਂ ਤੱਕ ਉਹਨਾਂ ਦੀ ਪਹੁੰਚ ਨੂੰ ਹੋਰ ਸੀਮਤ ਕਰ ਦਿੰਦੀਆਂ ਹਨ। ਸਿੱਖਿਆ ਅਤੇ ਹਰ ਤਰ੍ਹਾਂ ਦੀ ਮਦਦ ਰਾਹੀਂ, CCF ਇਹਨਾਂ ਰੁਕਾਵਟਾਂ ਨੂੰ ਘਟਾਉਣ ਅਤੇ ਔਰਤਾਂ ਨੂੰ ਭਰਭੂਰ ਅਤੇ ਆਪਣੀ ਮਰਜ਼ੀ ਨਾਲ ਜਿਉਣ ਵਾਲੀ ਜ਼ਿੰਦਗੀ ਬਣਾਉਣ ਵਿੱਚ ਮਦਦ ਕਰਨ ਲਈ ਕੰਮ ਕਰਦੀ ਹੈ, ਜਿਹੋ-ਜਿਹੀ ਉਹ ਆਪਣੇ ਅਤੇ ਆਪਣੇ ਪਰਿਵਾਰਾਂ ਲਈ ਚਾਹੁੰਦੀਆਂ ਹਨ।​​   

ਇੱਕ CCF ਗ੍ਰੈਜੂਏਟ ਨੇ ਨੇਵੀ ਬਲੂ ਰੰਗ ਦੀ ਕੈਪ ਅਤੇ ਗਾਊਨ ਪਹਿਨਿਆ ਹੋਇਆ ਹੈ, ਇੱਕ ਗੂੜ੍ਹੇ ਟੈਕਸਟਚਰ ਵਾਲੇ ਪਿਛੋਕੜ ਦੇ ਸਾਹਮਣੇ ਖੜ੍ਹਾ ਹੋਇਆ ਹੈ, ਗਾਊਨ ਦੇ ਅਗਲੇ ਪਾਸੇ ਇੱਕ CCF ਪਿੰਨ ਲੱਗੀ ਹੋਈ ਹੈ।​​ 

ਤੁਹਾਡਾ ਭਾਈਚਾਰਾ ਸ਼ਹਿਰ ਪ੍ਰਤੀ ਕਿਵੇਂ ਅਨੁਭਵ ਕਰਦਾ ਹੈ, ਅਤੇ ਤੁਹਾਡਾ ਸੰਗਠਨ ਉਹਨਾਂ ਅਨੁਭਵਾਂ ਨੂੰ ਸਮਝਣ ਜਾਂ ਆਕਾਰ ਦੇਣ ਵਿੱਚ ਉਹਨਾਂ ਦੀ ਕਿਵੇਂ ਮਦਦ ਕਰਦਾ ਹੈ?​​  

ਸਾਡਾ ਭਾਈਚਾਰਾ ਨਿਊਯਾਰਕ ਸ਼ਹਿਰ ਵਿੱਚ ਲਚੀਲਾਪਣ, ਸਾਧਨ-ਭਰਭੂਰਤਾ ਅਤੇ ਦ੍ਰਿੜ ਇਰਾਦੇ ਨਾਲ ਰਹਿੰਦਾ ਹੈ, ਪਰ ਨਾਲ ਹੀ ਉਹਨਾਂ ਨੂੰ ਪ੍ਰਣਾਲੀਗਤ ਰੁਕਾਵਟਾਂ ਦੇ ਨਿਰੰਤਰ ਦਬਾਅ ਦਾ ਵੀ ਸਾਹਮਣਾ ਕਰਨ ਪੈਂਦਾ ਹੈ। ਨਿਆਂ‑ਪ੍ਰਣਾਲੀ ਤੋਂ ਪ੍ਰਭਾਵਿਤ ਔਰਤਾਂ ਨੂੰ ਅਕਸਰ ਸ਼ਹਿਰ ਵਿੱਚ ਘੁੰਮਦੇ ਹੋਏ ਦੇਖਭਾਲ ਦੀਆਂ ਜ਼ਿੰਮੇਵਾਰੀਆਂ, ਰੁਜ਼ਗਾਰ, ਸਮਾਜ ਵਿੱਚ ਮੁੜ-ਵਾਪਸੀ ਅਤੇ ਸਿੱਖਿਆ ਦਾ ਪ੍ਰਬੰਧਨ ਕਰਨਾ ਪੈਂਦਾ ਹੈ ਅਤੇ ਇਹ ਸਭ ਉਹਨਾਂ ਨੂੰ ਅਜਿਹੀ ਪ੍ਰਣਾਲੀਆਂ ਵਿੱਚ ਰਹਿ ਕੇ ਕਰਨਾ ਪੈਂਦਾ ਹੈ ਜੋ ਉਲਝਣ ਭਰੀਆਂ, ਸਜ਼ਾ ਦੇਣ ਵਾਲੀਆਂ, ਜਾਂ ਪਹੁੰਚ ਤੋਂ ਬਾਹਰ ਹੋ ਸਕਦੀਆਂ ਹਨ।​​  

CCF ਸਾਡੇ ਮੈਂਬਰਾਂ ਨੂੰ ਸਿੱਖਿਆ, ਭਾਈਚਾਰਕ ਸਹਾਇਤਾ ਅਤੇ ਸਮੂਹਿਕ ਤਾਕਤ ਪੈਦਾ ਕਰਨ ਦੇ ਮੌਕੇ ਦੇਕੇ ਇਹਨਾਂ ਤਜ਼ਰਬਿਆਂ ਨੂੰ ਨੇਵੀਗੇਟ ਕਰਨ ਵਿੱਚ ਮਦਦ ਕਰਦਾ ਹੈ।​​  

ਅਸੀਂ ਅਜਿਹੀਆਂ ਥਾਵਾਂ ਬਣਾਉਂਦੇ ਹਾਂ ਜਿੱਥੇ ਔਰਤਾਂ ਇੱਕ-ਦੂਜੇ ਤੋਂ ਸਿੱਖ ਸਕਦੀਆਂ ਹਨ, ਜੀਵਨ ਦੇ ਅਨੁਭਵ ਸਾਂਝੇ ਕਰ ਸਕਦੀਆਂ ਹਨ ਅਤੇ ਆਪਣੇ ਅਤੇ ਆਪਣੇ ਪਰਿਵਾਰਾਂ ਦੀ ਹਿਮਾਇਤ ਕਰਨ ਲਈ ਵਿਸ਼ਵਾਸ ਅਤੇ ਸਾਧਨ ਵਿਕਸਤ ਕਰ ਸਕਦੀਆਂ ਹਨ।​​ 

ਨਾਗਰਿਕ ਸ਼ਮੂਲੀਅਤ ਨਾਲ ਜੁੜੇ ਆਪਣੇ ਕੰਮ ਰਾਹੀਂ, ਅਸੀਂ ਮੈਂਬਰਾਂ ਦੀ ਮਦਦ ਕਰਦੇ ਹਾਂ ਕਿ ਉਹ ਸਿਰਫ ਘੁੰਮਣ-ਫਿਰਨ ਵਾਲਿਆਂ ਦੀ ਭੂਮਿਕਾ ਤੋਂ ਅੱਗੇ ਵਧਕੇ, ਆਪਣੇ ਹੱਕਾਂ, ਆਪਣੀ ਸਿਆਸੀ ਤਾਕਤ ਅਤੇ ਆਪਣੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਉਨ੍ਹਾਂ ਦੀ ਯੋਗਤਾ ਨੂੰ ਸਮਝਣ ਅਤੇ ਮਿਲਕੇ ਸ਼ਹਿਰ ਨੂੰ ਬਿਹਤਰ ਭਵਿੱਖ ਵੱਲ ਲੈ ਜਾਣ।​​  

ਤੁਹਾਡੇ ਭਾਈਚਾਰੇ ਦੇ ਮੈਂਬਰ ਸ਼ਹਿਰ ਵਿੱਚ ਵੋਟ ਪਾਉਣ, ਆਪਣੀ ਗੱਲ ਸਾਹਮਣੇ ਰੱਖਣ, ਜਾਂ ਜਾਣਕਾਰੀ ਲੈਣ ਦੇ ਮਾਮਲੇ ਵਿੱਚ ਕਿਵੇਂ ਹਿੱਸਾ ਲੈਂਦੇ ਹਨ?​​  

ਭਾਈਚਾਰੇ ਦੇ ਮੈਂਬਰ VOICE (ਢੁੱਕਵੀਂ ਨਾਗਰਿਕ ਸ਼ਮੂਲੀਅਤ ਲਈ ਸੰਗਠਿਤ ਵੋਟਰ)  ਜ਼ਰੀਏ ਹਿੱਸੇ ਲੈਂਦੇ ਹਨ, ਇਹ CCF ਦਾ ਨਾਗਰਿਕ ਸ਼ਮੂਲੀਅਤ ਪ੍ਰੋਗਰਾਮ ਹੈ, ਜਿਸ ਨੂੰ ਸਮੂਹਿਕ ਸਿਆਸੀ ਤਾਕਤ ਬਣਾਉਣ ਵਿੱਚ ਨਿਆਂ-ਪ੍ਰਣਾਲੀ ਤੋਂ ਪ੍ਰਭਾਵਿਤ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੇਂਦਰ ਵਿੱਚ ਰੱਖਣ ਲਈ ਤਿਆਰ ਕੀਤਾ ਗਿਆ ਹੈ। VOICE ਰਾਹੀਂ, ਅਸੀਂ ਆਪਣੇ ਭਾਈਚਾਰੇ ਨੂੰ ਸਿੱਖਿਅਤ ਕਰਦੇ ਹਾਂ, ਲਾਮਬੰਦ ਕਰਦੇ ਹਾਂ ਅਤੇ ਸੰਗਠਿਤ ਕਰਦੇ ਹਾਂ, ਤਾਂ ਕਿ ਉਹ ਇੱਕ ਜਾਗਰੂਕ ਅਤੇ ਭਰੋਸੇਮੰਦ ਵੋਟਿੰਗ ਬਲਾਕ ਦੇ ਤੌਰ ਤੇ ਅੱਗੇ ਆਉਣ, ਜਿਸਨੂੰ ਉਮੀਦਵਾਰ ਅਤੇ ਚੁਣੇ ਗਏ ਅਧਿਕਾਰੀ ਨਜ਼ਰਅੰਦਾਜ਼ ਨਾ ਕਰ ਸਕਣ। ​​ 

ਜਨਵਰੀ ਤੋਂ ਜੂਨ 2025 ਤੱਕ, VOICE ਨੇ League of Women Voters ਅਤੇ NYC Votes ਵਰਗੇ ਸਗਠਨਾਂ ਦੇ ਨਾਲ ਸਾਂਝੇਦਾਰੀ ਵਿੱਚ ਇੱਕ ਨਾਗਰਿਕ ਵਰਕਸ਼ਾਪ ਲੜੀ ਦੀ ਮੇਜ਼ਬਾਨੀ ਕੀਤੀ। ਇਹਨਾਂ ਵਰਕਸ਼ਾਪਾਂ ਵਿੱਚ ਨਾਗਰਿਕ ਸਿੱਖਿਆ, ਵੋਟਰ ਰਜਿਸਟ੍ਰੇਸ਼ਨ ਅਤੇ ਚੋਣਾਂ ਵਿੱਚ ਹਿੱਸਾ ਲੈਣ ਲਈ ਜ਼ਰੂਰੀ ਜਾਣਕਾਰੀ ਅਤੇ ਆਤਮ-ਵਿਸ਼ਵਾਸ ਵਧਾਉਣ 'ਤੇ ਧਿਆਨ ਦਿੱਤਾ ਗਿਆ। ਇਸ ਕੰਮ ਦਾ ਨਤੀਜਾ ਇੱਕ ਫੋਰਮ ਦੇ ਤੌਰ ਤੇ ਸਾਹਮਣੇ ਆਇਆ, ਜਿੱਥੇ ਅਸੀਂ ਚੁਣੇ ਗਏ ਅਧਿਕਾਰੀਆਂ ਅਤੇ ਉਮੀਦਵਾਰਾਂ ਨੂੰ ਸਿੱਧੇ ਆਪਣੇ ਮੈਂਬਰਾਂ ਸਾਹਮਣੇ ਲੈਕੇ ਗਏ ਅਤੇ ਇਹ ਸਪੱਸ਼ਟ ਕੀਤਾ ਕਿ ਸਾਡੀ ਆਵਾਜ਼ ਵੀ ਮਾਇਨੇ ਰੱਖਦੀ ਹੈ ਅਤੇ ਅਸੀਂ ਵੋਟ ਪਾਉਂਦੇ ਹਾਂ।​​  

ਇੱਕ ਸਪੀਕਰ ਕਾਲਜ ਅਤੇ ਭਾਈਚਾਰਾ ਫੈਲੋਸ਼ਿਪ ਦਾ ਲੋਗੋ ਪ੍ਰਦਰਸ਼ਿਤ ਕਰਨ ਵਾਲੇ ਪੋਡੀਅਮ 'ਤੇ ਖੜ੍ਹਾ ਹੈ, ਇੱਕ ਹੱਥ ਉੱਪਰ ਕਰਕੇ ਮਾਈਕ੍ਰੋਫ਼ੋਨ ਫੜਿਆ ਹੋਇਆ ਹੈ।​​ 

ਵੋਟ ਪਾਉਣ ਜਾਂ ਸ਼ਹਿਰ ਨਾਲ ਜੁੜਨ ਬਾਰੇ ਲੋਕਾਂ ਦੇ ਅਕਸਰ ਕਿਹੜੇ ਸਵਾਲ ਜਾਂ ਚੁਣੌਤੀਆਂ ਹੁੰਦੀਆਂ ਹਨ ਅਤੇ ਤੁਸੀਂ ਜਾਣਕਾਰੀ ਦੇ ਸਭ ਤੋਂ ਵੱਡੇ ਪਾੜੇ ਕਿੱਥੇ ਦੇਖਦੇ ਹੋ?​​  

ਸਾਡੇ ਮੈਂਬਰਾਂ ਨੂੰ ਪੇਸ਼ ਆਉਂਦੀਆਂ ਸਭ ਤੋਂ ਆਮ ਚੁਣੌਤੀਆਂ ਵਿੱਚੋਂ ਇੱਕ ਹੈ ਯੋਗਤਾ ਬਾਰੇ ਅਨਿਸ਼ਚਿਤਤਾ, ਖਾਸ ਤੌਰ 'ਤੇ ਉਹਨਾਂ ਨਿਊਯਾਰਕ ਵਾਸੀਆਂ ਲਈ ਜਿਨ੍ਹਾਂ ਦਾ ਨਿਆਂ-ਪ੍ਰਣਾਲੀ ਨਾਲ ਕੋਈ ਨਾ ਕੋਈ ਵਾਸਤਾ ਰਿਹਾ ਹੈ ਅਤੇ ਜਿਨ੍ਹਾਂ ਨੂੰ ਆਪਣੇ ਵੋਟਿੰਗ ਦੇ ਹੱਕਾਂ ਬਾਰੇ ਵਿਵਾਦਪੂਰਨ ਜਾਂ ਗਲਤ ਜਾਣਕਾਰੀ ਮਿਲੀ ਹੋਵੇ। ਕਈਆਂ ਦੇ ਮਨ ਵਿੱਚ ਇਹ ਸਵਾਲ ਵੀ ਹੁੰਦੇ ਹਨ ਕਿ ਸਥਾਨਕ ਸਰਕਾਰ ਕਿਵੇਂ ਕੰਮ ਕਰਦੀ ਹੈ, ਵੱਖ-ਵੱਖ ਦਫ਼ਤਰ ਕੀ ਕਰਦੇ ਹਨ ਅਤੇ ਚੋਣਾਂ ਸਿੱਧੇ ਤੌਰ ਤੇ ਉਹਨਾਂ ਦੇ ਰੋਜ਼ਾਨਾ ਮੁੱਦਿਆਂ-ਜਿਵੇਂ ਕਿ ਰਿਹਾਇਸ਼, ਸਿੱਖਿਆ ਅਤੇ ਜਨਤਕ ਸੁਰੱਖਿਆ-ਨਾਲ ਕਿਵੇਂ ਜੁੜੀਆਂ ਹੋਈਆਂ ਹਨ। ​​ 

ਜਾਣਕਾਰੀ ਦੀ ਸਭ ਤੋਂ ਵੱਡੀ ਕਮੀ ਉੱਥੇ ਹੁੰਦੀ ਹੈ ਜਿੱਥੇ ਪ੍ਰਣਾਲੀ ਗੁੰਝਲਦਾਰ ਹੁੰਦੀ ਹੈ ਅਤੇ ਗੱਲਬਾਤ ਅਸਪਸ਼ਟ ਹੁੰਦੀ ਹੈ, ਖਾਸ ਤੌਰ 'ਤੇ ਵੋਟਿੰਗ ਦਾ ਹੱਕ, ਰਜਿਸਟ੍ਰੇਸ਼ਨ ਪ੍ਰਕਿਰਿਆਵਾਂ ਅਤੇ ਵੋਟ-ਪਰਚੀ ਨਾਲ ਵੋਟ ਪਾਉਣ ਤੋਂ ਇਲਾਵਾ ਕਿਸ ਤਰ੍ਹਾਂ ਅਰਥਪੂਰਨ ਤਰੀਕੇ ਨਾਲ ਸ਼ਾਮਲ ਹੋਇਆ ਜਾਵੇ-ਜਿਹੇ ਮਾਮਲਿਆਂ ਵਿੱਚ।​​  

ਪਹੁੰਚਯੋਗ, ਭਰੋਸੇਯੋਗ ਜਾਣਕਾਰੀ ਤੋਂ ਬਿਨਾਂ, ਭਾਈਚਾਰੇ ਦੇ ਬਹੁਤੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਇਸ ਨਾਲ ਜੁੜੇ ਹੋਏ ਨਹੀਂ ਹਨ ਜਾਂ ਇਹ ਨਹੀਂ ਜਾਣਦੇ ਕਿ ਕਿੱਥੋਂ ਸ਼ੁਰੂਆਤ ਕਰਨੀ ਹੈ। VOICE ਭਾਈਚਾਰਾ-ਕੇਂਦ੍ਰਿਤ ਥਾਵਾਂ 'ਤੇ ਸਪੱਸ਼ਟ, ਸੱਭਿਆਚਾਰਕ ਤੌਰ 'ਤੇ ਜਵਾਬਦੇਹ ਨਾਗਰਿਕ ਸਿੱਖਿਆ ਉਪਲਬਧ ਕਰਵਾਕੇ ਇਨ੍ਹਾਂ ਕਮੀਆਂ ਨੂੰ ਦੂਰ ਕਰਦਾ ਹੈ।​​  

ਹੁਣ ਤੱਕ NYC Votes ਨਾਲ ਕੰਮ ਕਰਨਾ ਤੁਹਾਡੇ ਸੰਗਠਨ ਦੇ ਕੰਮ ਵਿੱਚ ਕਿਵੇਂ ਫਿੱਟ ਬੈਠ ਰਿਹਾ ਹੈ ਅਤੇ ਸਾਡਾ ਸਮਰਥਨ ਤੁਹਾਡੇ ਭਾਈਚਾਰੇ ਲਈ ਕਿਸ ਤਰ੍ਹਾਂ ਲਾਭਦਾਇਕ ਜਾਂ ਅਰਥਪੂਰਨ ਹੈ?​​  

NYC Votes ਦੇ ਨਾਲ ਕੰਮ ਕਰਨਾ CCF ਦੇ ਮਿਸ਼ਨ ਅਤੇ VOICE ਦੇ ਨਾਗਰਿਕ ਸ਼ਮੂਲੀਅਤ ਕੰਮ ਦਾ ਇੱਕ ਕੁਦਰਤੀ ਅਤੇ ਸਾਰਥਕ ਵਿਸਤਾਰ ਰਿਹਾ ਹੈ। NYC Votes ਨੇ ਸਹੀ ਜਾਣਕਾਰੀ, ਸਾਧਨਾਂ ਅਤੇ ਭਾਈਵਾਲੀ ਸਹਾਇਤਾ ਦੇਕੇ ਸਾਡੇ ਯਤਨਾਂ ਨੂੰ ਮਜ਼ਬੂਤ ਕੀਤਾ ਹੈ, ਇਹ ਚੀਜ਼ਾਂ ਨਿਆਂ‑ਪ੍ਰਣਾਲੀ ਤੋਂ ਪ੍ਰਭਾਵਿਤ ਔਰਤਾਂ ਨੂੰ ਜਾਗਰੂਕ ਵੋਟਰ ਅਤੇ ਨਾਗਰਿਕ ਆਗੂ ਵਜੋਂ ਸਸ਼ਕਤ ਬਣਾਉਣ ਦੀ ਸਾਡੀ ਵਚਨਬੱਧਤਾ ਨਾਲ ਮੇਲ ਖਾਂਦੀਆਂ ਹਨ। ​​ 

ਇਹ ਸਮਰਥਨ ਖਾਸ ਤੌਰ 'ਤੇ ਸਾਰਥਕ ਹੈ ਕਿਉਂਕਿ ਇਹ ਸਾਡੇ ਭਾਈਚਾਰੇ ਨੂੰ ਨਿਊਯਾਰਕ ਸਿਟੀ ਦੇ ਵੋਟਰਾਂ ਅਤੇ ਲੋਕਰਾਜ ਦੇ ਇੱਕ ਜ਼ਰੂਰੀ ਹਿੱਸੇ ਵਜੋਂ ਮਾਨਤਾ ਦਿੰਦਾ ਹੈ। NYC Votes ਨਾਲ ਭਾਈਵਾਲੀ ਕਰਕੇ, ਅਸੀਂ ਇਹ ਯਕੀਨੀ ਬਣਾਉਣ ਲਈ ਬਿਹਤਰ ਢੰਗ ਨਾਲ ਤਿਆਰ ਹਾਂ ਕਿ ਸਾਡੇ ਮੈਂਬਰ ਬੇਝਿਝਕ ਹਿੱਸਾ ਲੈਣ ਲਈ ਲੋੜੀਂਦੀ ਜਾਣਕਾਰੀ ਤੱਕ ਪਹੁੰਚ ਕਰ ਸਕਣ ਅਤੇ ਇਸ ਸੰਦੇਸ਼ ਨੂੰ ਪੂਰੀ ਤਰ੍ਹਾਂ ਮਜ਼ਬੂਤੀ ਦਿੱਤੀ ਜਾ ਸਕੇ ਕਿ ਨਿਆਂ-ਪ੍ਰਣਾਲੀ ਤੋਂ ਪ੍ਰਭਾਵਿਤ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਨਾ ਸਿਰਫ਼ ਨਾਗਰਿਕ ਜੀਵਨ ਵਿੱਚ ਸ਼ਾਮਲ ਹਨ, ਸਗੋਂ ਸ਼ਹਿਰ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਇੱਕ ਨਿਰਣਾਇਕ ਸਿਆਸੀ ਤਾਕਤ ਵੀ ਹਨ।​​  

ਇੱਕ ਕੋਲਾਜ ਜਿਸ ਵਿੱਚ ਅੱਠ ਵਿਅਕਤੀ ਗ੍ਰੈਜੂਏਸ਼ਨ ਕੈਪਸ ਅਤੇ ਗਾਊਨ ਪਹਿਨੇ ਹੋਏ ਹਨ, ਨੀਲੇ, ਪੀਲੇ ਅਤੇ ਸੰਤਰੀ ਰੰਗ ਦੇ ਪੈਨਲਾਂ ਦੇ ਗਰਿੱਡ ਵਿੱਚ ਸਜਾਇਆ ਗਿਆ ਹੈ। ਇਸ ਦੇ ਵਿੱਚ 'ਕਾਲਜ ਅਤੇ ਭਾਈਚਾਰਾ ਫੈਲੋਸ਼ਿਪ' ਦਾ ਲੋਗੋ ਹੈ, ਜਿਸ ਵਿੱਚ ਇੱਕ ਅਮੂਰਤ ਹੱਥ ਕੈਪ ਫੜੇ ਹੋਏ ਦਿਖਾਈ ਦੇ ਰਿਹਾ ਹੈ ਅਤੇ ਨਾਲ ਹੀ ਚਿੱਟੇ ਰੰਗ ਦੇ ਅੱਖਰਾਂ ਵਿੱਚ ਸੰਗਠਨ ਦਾ ਨਾਮ ਲਿਖਿਆ ਹੋਇਆ ਹੈ।​​ 

ਸਬੰਧਿਤ ਖ਼ਬਰਾਂ​​