ਤੁਹਾਡੀਂ ਵੋਟ ਨਿਉ ਯਾੱਰਕ ਸਿਟੀ ਦੀ ਰੋਜ਼ ਦੀ ਜ਼ਿੰਦਗੀ 'ਤੇ ਅਸਰ ਪਾਉਂਦੀ ਹੈ
ਚੁਣੇ ਗਏ ਅਫ਼ਸਰ ਅਜਿਹੇ ਫ਼ੈਸਲੇ ਕਰਦੇ ਹਨ, ਜਿਹਨਾਂ ਦਾ ਤੁਹਾਡੀਆਂ ਨੌਕਰੀਆਂ, ਰਿਹਾਇਸ਼, ਸਿਹਤ-ਸੰਭਾਲ, ਪੜ੍ਹਾਈ ਅਤੇ ਹੋਰ ਬਹੁਤ ਕੁਝ 'ਤੇ ਅਸਰ ਪੈਂਦਾ ਹੈ।
ਇਸ ਲਈ, ਨਾ ਸਿਰਫ਼ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਮੀਦਵਾਰ ਕੌਣ ਹਨ, ਸਗੋਂ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਜੇ ਉਹ ਚੁਣੇ ਜਾਂਦੇ ਹਨ, ਤਾਂ ਉਹ ਕੀ ਕੰਮ ਕਰਨਗੇ।
ਸ਼ਹਿਰੀ ਦਫ਼ਤਰ ਕੀ ਕਰਦੇ ਹਨ?
ਮੇਅਰ ਸਾਡੀ ਸ਼ਹਿਰੀ ਸਰਕਾਰ ਦਾ ਆਗੂ ਹੈ। ਉਹ 4 ਸਾਲ ਲਈ (ਲਗਾਤਾਰ 2 ਮਿਆਦਾਂ ਤੱਕ) ਸੇਵਾ ਦਿੰਦੇ ਹਨ।
ਉਹ ਕੀ ਕਰਦੇ ਹਨ:
- ਸ਼ਹਿਰ ਦਾ ਬਜਟ ਤਜਵੀਜ਼ ਕਰਨਾ
- ਸਿਟੀ ਕੌਂਸਲ ਵਲੋਂ ਪਾਸ ਕੀਤੇ ਗਏ ਬਿੱਲਾਂ 'ਤੇ ਦਸਤਖ਼ਤ ਕਰਨੇ ਜਾਂ ਵੀਟੋ ਕਰਨਾ
- ਸ਼ਹਿਰੀ ਏਜੰਸੀਆਂ ਦੇ ਆਗੂ ਨਿਯੁਕਤ ਕਰਨੇ, ਇਹਨਾਂ ਵਿੱਚ ਸਕੂਲਾਂ ਦੇ ਚਾਂਸਲਰ ਅਤੇ ਪੁਲਿਸ ਕਮਿਸ਼ਨਰ ਸ਼ਾਮਿਲ ਹਨ
- ਸ਼ਹਿਰੀ ਏਜੰਸੀਆਂ ਲਈ ਤਰਜੀਹਾਂ ਅਤੇ ਪਾੱਲਿਸੀ ਸੈਟ ਕਰਨੀ
- ਸ਼ਹਿਰੀ ਜ਼ਮੀਨ ਦਾ ਪ੍ਰਬੰਧ ਕਰਨਾ, ਕਿਫ਼ਾਇਤੀ ਰਿਹਾਇਸ਼ਾਂ, ਸਰਕਾਰੀ ਪਾਰਕਾਂ ਅਤੇ ਗਲੀ ਦੀ ਸਫ਼ਾਈ 'ਤੇ ਅਸਰ ਪਾਉਣਾ
ਰੋਚਕ ਤੱਥ: Robert Anderson Van Wyck ਪਹਿਲੇ ਮੇਅਰ ਸਨ, ਜਿਹਨਾਂ ਨੇ 1898 ਵਿੱਚ ਸਿਟੀ ਆੱਫ਼ ਨਿਉ ਯਾੱਰਕ ਵਿੱਚ 5 ਬਰੋਜ਼ ਨੂੰ ਮਿਲਾਉਣ ਤੋਂ ਬਾਅਦ ਅਹੁਦਾ ਸੰਭਾਲਿਆ ਸੀ।
ਸਰਕਾਰੀ ਵਕੀਲ, ਨਿਉ ਯਾੱਰਕ ਸਿਟੀ ਕੌਂਸਲ ਦਾ ਇੱਕ ਗ਼ੈਰ-ਵੋਟਿੰਗ ਮੈਂਬਰ ਹੈ। ਉਹ 4 ਸਾਲ ਲਈ (ਲਗਾਤਾਰ 2 ਮਿਆਦਾਂ ਤੱਕ) ਸੇਵਾ ਦਿੰਦੇ ਹਨ।
ਉਹ ਕੀ ਕਰਦੇ ਹਨ:
- ਜੇ ਮੇਅਰ ਅਹੁਦਾ ਛੱਡਦਾ ਹੈ, ਤਾਂ ਸਰਕਾਰੀ ਵਕੀਲ ਇੱਕ ਵਿਸ਼ੇਸ਼ ਚੋਣ ਹੋਣ ਤੱਕ ਮੇਅਰ ਵਜੋਂ ਕੰਮ ਕਰੇਗਾ
- ਸਿਟੀ ਕੌਂਸਲ ਵਿੱਚ ਬਿਲ ਪੇਸ਼ ਕਰਨਾ ਅਤੇ ਸਹਿ-ਸਪਾੱਂਸਰ ਬਿਲ ਪੇਸ਼ ਕਰਨਾ
- ਸ਼ਹਿਰੀ ਏਜੰਸੀਆਂ ਲਈ ਨਿਗਰਾਨੀ ਮੁਹੱਈਆ ਕਰਨੀ
- ਸਿਟੀ ਸੇਵਾਵਾਂ ਬਾਰੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਦੀ ਪੜਤਾਲ ਕਰਨੀ
ਰੋਚਕ ਤੱਥ: ਸਰਕਾਰੀ ਵਕੀਲ ਇੱਕ ਵਰਸਟ ਲੈਂਡਲਾੱਰਡ ਵਾਚਲਿਸਟ ਕਿਰਾਏਦਾਰਾਂ ਦੀ ਸੁਰੱਖਿਆ ਵਿੱਚ ਮਦਦ ਕਰਨ ਲਈ।
ਕੰਪਟ੍ਰੋਲਰ ਸ਼ਹਿਰ ਦੇ ਫ਼ਾਇਨਾਂਸ ਦਾ ਪ੍ਰਬੰਧ ਕਰਦਾ ਹੈ ਅਤੇ ਸ਼ਹਿਰ ਦੀ ਫ਼ਾਇਨਾਂਸਿਅਲ ਸਥਿਤੀ ਨੂੰ ਯਕੀਨੀ ਬਣਾਉਂਦਾ ਹੈ। ਉਹ 4 ਸਾਲ ਲਈ (ਲਗਾਤਾਰ 2 ਮਿਆਦਾਂ ਤੱਕ) ਸੇਵਾ ਦਿੰਦੇ ਹਨ।
ਉਹ ਕੀ ਕਰਦੇ ਹਨ:
- ਸ਼ਹਿਰੀ ਏਜੰਸੀਆਂ ਅਤੇ ਇਕਰਾਰਨਾਮਿਆਂ ਦਾ ਆੱਡਿਟ ਕਰਨਾ
- ਇਕਰਾਰਨਾਮੇ ਵਿਚ ਕਿਸੇ ਕਿਸਮ ਦੀ ਦੁਰਵਰਤੋਂ ਨੂੰ ਰੋਕਣਾ
- ਬਜਟਾਂ, ਸ਼ਹਿਰ ਦੀ ਪੂੰਜੀਕਾਰੀ, ਜਿਵੇਂ ਕਿ ਟ੍ਰੱਸਟ ਅਤੇ ਪੇਨਸ਼ਨ ਫ਼ੰਡ, ਅਤੇ ਬੌਂਡ ਦਾ ਪ੍ਰਬੰਧ ਕਰਨਾ
- ਸ਼ਹਿਰ ਦੀ ਫ਼ਾਇਨਾਂਸ਼ਿਅਲ ਸਥਿਤੀ ਬਾਰੇ ਮੇਅਰ ਅਤੇ ਸਿਟੀ ਕੌਂਸਲ ਨੂੰ ਸਲਾਹ ਦੇਣੀ
ਰੋਚਕ ਤੱਥ: NYC ਦਾ $92 ਬਿਲੀਅਨ ਦਾ ਅੰਦਾਜ਼ਨ ਬਜਟ ਬਹੁਤੇ ਦੇਸ਼ਾਂ ਦੀ GDP ਤੋਂ ਵੱਧ ਹੈ!
ਬਰੋ ਦਾ ਪ੍ਰਧਾਨ, ਆਪਣੀ ਬਰੋ ਲਈ ਵਕੀਲ ਵਜੋਂ ਕੰਮ ਕਰਦਾ ਹੈ। ਉਹ 4 ਸਾਲ ਲਈ (ਲਗਾਤਾਰ 2 ਮਿਆਦਾਂ ਤੱਕ) ਸੇਵਾ ਦਿੰਦੇ ਹਨ।
ਉਹ ਕੀ ਕਰਦੇ ਹਨ:
- ਸਲਾਨਾ ਬਜਟ ਬਾਰੇ ਮੇਅਰ ਨਾਲ ਸਲਾਹ ਕਰਨੀ
- ਸਥਾਨਕ ਸੰਸਥਾਵਾਂ ਨੂੰ ਗ੍ਰਾਂਟਾਂ ਦੇਣੀਆਂ
- ਸ਼ਹਿਰ ਦੇ ਇੱਕ ਇਲਾਕੇ ਦੀ ਵਰਤੋਂ ਬਦਲਣ ਬਾਰੇ ਸਲਾਹ ਦੇਣੀ
- ਸ਼ਹਿਰੀ ਵਿਓਂਤਬੰਦੀ ਬਾਰੇ ਕਮਿਸ਼ਨ (City Planning Commission) ਅਤੇ ਕਮਿਉਨਿਟੀ ਬੋਰਡਾਂ (Community Boards) ਲਈ ਨੁਮਾਇੰਦੇ ਨਿਯੁਕਤ ਕਰਨੇ
ਰੋਚਕ ਤੱਥ: ਬਰੋ ਦੇ ਪ੍ਰਧਾਨਾਂ ਨੂੰ ਪਿਆਰ ਨਾਲ "ਬੀਪਸ" ਕਿਹਾ ਜਾਂਦਾ ਹੈ।
ਸਿਟੀ ਕੌਂਸਲ ਨਿਉ ਯਾੱਰਕ ਸ਼ਹਿਰ ਦੀ ਸਰਕਾਰ ਦੀ ਵਿਧਾਨਕ, ਜਾਂ ਕਾਨੂੰਨ ਬਣਾਉਣ ਵਾਲੀ ਬ੍ਰਾਂਚ ਹੈ। ਇਸ ਵਿੱਚ 51 ਮੈਂਬਰ ਹਨ। ਕੌਂਸਲ ਮੈਂਬਰ 4 ਸਾਲਾਂ ਲਈ (ਲਗਾਤਾਰ 2 ਮਿਆਦਾਂ ਤੱਕ) ਸੇਵਾ ਦਿੰਦੇ ਹਨ।
ਉਹ ਕੀ ਕਰਦੇ ਹਨ:
- ਬਿੱਲ ਪੇਸ਼ ਕਰਨੇ ਅਤੇ ਵੋਟ ਪਾਉਣੀ
- ਸ਼ਹਿਰੀ ਬਜਟ ਬਾਰੇ ਵਿਚਾਰ-ਵਟਾਂਦਰਾ ਕਰਨਾ ਅਤੇ ਮੰਜ਼ੂਰੀ ਦੇਣੀ
- ਸ਼ਹਿਰੀ ਏਜੰਸੀਆਂ ਦੀ ਨਿਗਰਾਨੀ ਕਰਨਾ
- ਸਾਡੇ ਸ਼ਹਿਰ ਦੀ ਤਰੱਕੀ ਅਤੇ ਵਿਕਾਸ ਬਾਰੇ ਫ਼ੈਸਲੇ ਲੈਣੇ
ਰੋਚਕ ਤੱਥ: 1937 ਵਿੱਚ, ਨਿਉ ਯਾੱਰਕ ਸਿਟੀ ਕੌਂਸਲ ਲਈ Genevieve B. Earle ਪਹਿਲੀ ਔਰਤ ਚੁਣੀ ਗਈ ਸੀ।
*2021 ਵਿੱਚ ਚੁਣੇ ਗਏ ਕੌਂਸਲ ਮੈਂਬਰ 2-ਸਾਲ ਦੀ ਮਿਆਦ ਤੱਕ ਸੇਵਾ ਦੇਣਗੇ। 2020 ਦੀ ਮਰਦਮਸ਼ੁਮਾਰੀ ਤੋਂ ਬਾਅਦ, ਅਬਾਦੀ ਵਿਚਲੀਆਂ ਤਬਦੀਲੀਆਂ ਨੂੰ ਨੇਮਬੱਧ ਕਰਨ ਲਈ ਸਿਟੀ ਕੌਂਸਲ ਦੀਆਂ ਡਿਸਟ੍ਰਿਕਟਸ ਦੀਆਂ ਹੱਦਾਂ ਫਿਰ ਤੋਂ ਉਲੀਕੀਆਂ ਜਾਣਗੀਆਂ। 2023 ਵਿੱਚ, ਉਮੀਦਵਾਰ ਨਵੇਂ ਸਿਰਿਓਂ ਉਲੀਕੀਆਂ ਗਈਆਂ ਡਿਸਟ੍ਰਿਕਟਸ ਵਿੱਚ 2-ਸਾਲ ਦੀ ਮਿਆਦ ਲਈ ਚੋਣ ਲੜਣਗੇ। 2025 ਵਿੱਚ,ਕੌਂਸਲ ਦੀ 4-ਸਾਲ ਦੀ ਮਿਆਦ ਮੁੜ ਸ਼ੁਰੂ ਹੋਏਗੀ।
ਫ਼ੈਡਰਲ ਅਫ਼ਸਰ ਕੀ ਕਰਦੇ ਹਨ?
ਸੈਨੇਟ ਅਮਰੀਕੀ ਕਾੱਂਗ੍ਰੇਸ ਦੀ ਉਪਰਲੀ ਸਭਾ ਹੈ। ਹਰ ਸਟੇਟ ਤੋਂ ਦੋਂ ਮੈਂਬਰਾਂ ਨਾਲ ਸੈਨੇਟ ਦੇ 100 ਮੈਂਬਰ ਹਨ। ਉਹ ਛੇ-ਸਾਲ ਦੀ ਮਿਆਦ ਲਈ ਸੇਵਾ ਦਿੰਦੇ ਹਨ।
ਸੈਨੇਟ ਅਤੇ ਸਭਾ ਵਿੱਚ ਵੋਟ ਪਾਸ ਹੋਣ ਨਾਲ ਬਿੱਲ ਇੱਕ ਕਾਨੂੰਨ ਬਣ ਜਾਂਦਾ ਹੈ ਅਤੇ ਇਸ 'ਤੇ ਰਾਸ਼ਟਰਪਤੀ ਵਲੋਂ ਦਸਤਖ਼ਤ ਕੀਤੇ ਜਾਂਦੇ ਹਨ।
ਉਹ ਕੀ ਕਰਦੇ ਹਨ:
- ਖਰੜਾ ਪੇਸ਼ ਕਰਨ, ਬਹਿਸ ਸਿਰੇ ਚਾੜ੍ਹਣ ਅਤੇ ਕਾਨੂੰਨ ਪਾਸ ਕਰਨ ਲਈ ਵੋਟ ਪਾਉਣੀ।
- ਰਾਸ਼ਟਰਪਤੀ ਵਲੋਂ ਕੀਤੀਆਂ ਜਾਂਦੀਆਂ ਨਿਯੁਕਤੀਆਂ ਦੀ ਪੁਸ਼ਟੀ ਕਰਨੀ, ਜਿਵੇਂ ਕਿ ਕੈਬਿਨੇਟ ਦੇ ਮੈਂਬਰ, ਸੁਪਰੀਮ ਕੋਰਟ ਦੇ ਜੱਜ, ਅਤੇ ਫ਼ੈਡਰਲ ਜੱਜ।
- ਸਾਰੀਆਂ ਸਰਕਾਰੀ ਬ੍ਰਾਂਚਾਂ ਦੀ ਨਿਗਰਾਨੀ ਕਰਨੀ।
ਰੋਚਕ ਤੱਥ : 3 ਸਾਬਕਾ ਪੁਲਾੜ-ਯਾਤਰੀਆਂ (John Glenn, Harrison Schmitt ਅਤੇ Mark Kelly) ਨੇ ਸੈਨੇਟ ਵਿੱਚ ਸੇਵਾ ਦਿੱਤੀ ਹੈ।
ਪ੍ਰਤੀਨਿਧੀ ਸਭਾ ਅਮਰੀਕੀ ਕਾੱਂਗ੍ਰੇਸ ਦੀ ਹੇਠਲੀ ਸਭਾ ਹੈ। ਇਸ ਵਿੱਚ ਅਮਰੀਕੀ ਅਬਾਦੀ ਦੇ ਉਹਨਾਂ ਦੇ ਹਿੱਸੇ ਦੀ ਅਨੁਪਾਤੀ ਤਦਾਦ ਅਨੁਸਾਰ ਹਰ ਸਟੇਟ ਦੀ ਨੁਮਾਇੰਦਗੀ ਕਰਨ ਵਾਲ਼ੇ 435 ਮੈਂਬਰ ਹਨ। 2023 ਵਿੱਚ ਨਿਉ ਯਾੱਰਕ ਦੇ 26 ਨੁਮਾਇੰਦੇ ਹੋਣਗੇ। ਉਹ ਦੋ-ਸਾਲ ਦੀ ਮਿਆਦ ਲਈ ਸੇਵਾ ਦਿੰਦੇ ਹਨ।
ਸੈਨੇਟ ਅਤੇ ਸਭਾ ਵਿੱਚ ਵੋਟ ਪਾਸ ਹੋਣ ਨਾਲ ਬਿੱਲ ਇੱਕ ਕਾਨੂੰਨ ਬਣ ਜਾਂਦਾ ਹੈ ਅਤੇ ਇਸ 'ਤੇ ਰਾਸ਼ਟਰਪਤੀ ਵਲੋਂ ਦਸਤਖ਼ਤ ਕੀਤੇ ਜਾਂਦੇ ਹਨ।
ਉਹ ਕੀ ਕਰਦੇ ਹਨ:
- ਖਰੜਾ ਪੇਸ਼ ਕਰਨ, ਬਹਿਸ ਸਿਰੇ ਚਾੜ੍ਹਣ ਅਤੇ ਕਾਨੂੰਨ ਪਾਸ ਕਰਨ ਲਈ ਵੋਟ ਪਾਉਣੀ।
- ਸਾਰੀਆਂ ਸਰਕਾਰੀ ਬ੍ਰਾਂਚਾਂ ਦੀ ਨਿਗਰਾਨੀ ਕਰਨੀ।
ਰੋਚਕ ਤੱਥ: ਕਾੱਂਗ੍ਰੇਸ ਦੀ ਪਹਿਲੀ ਸਭਾ ਦੀ ਕਾਰਵਾਈ 1 ਅਪ੍ਰੈਲ, 1789 ਨੂੰ ਨਿਉ ਯਾੱਰਕ ਸ਼ਹਿਰ ਵਿੱਚ ਹੋਈ ਸੀ।
ਸਟੇਟ ਦੇ ਦਫ਼ਤਰ ਕੀ ਕਰਦੇ ਹਨ?
ਨਿਉ ਯਾੱਰਕ ਦਾ ਚੀਫ਼ ਐਗਜ਼ੀਕਿਉਟਿਵ ਗਵਰਨਰ ਹੈ। ਉਹ ਚਾਰ-ਸਾਲ ਦੀ ਮਿਆਦ ਲਈ ਸੇਵਾ ਦਿੰਦੇ ਹਨ।
ਉਹ ਕੀ ਕਰਦੇ ਹਨ:
- ਉਹ ਕਾਨੂੰਨ 'ਤੇ ਦਸਤਖ਼ਤ ਕਰਦੇ ਹਨ ਜਾਂ ਵੀਟੋ ਕਰਦੇ ਹਨ।
- ਸਟੇਟ ਦਾ ਸਲਾਨਾ ਬਜਟ ਤੈਅ ਕਰਦੇ ਹਨ।
- ਸਿੱਖਿਆ ਵਿਭਾਗ (Department of Education) ਵਰਗੀਆਂ ਸਟੇਟ ਏਜੰਸੀਆਂ ਦੇ ਆਗੂ ਨਿਯੁਕਤ ਕਰਦੇ ਹਨ
- ਸਟੇਟ ਵਿੱਚ ਕੀਤੇ ਗਏ ਜੁਰਮਾਂ ਲਈ ਮਾਫ਼ੀ ਦਿੰਦੇ ਹਨ ਅਤੇ ਸਜ਼ਾ ਘੱਟ ਕਰਦੇ ਹਨ
ਰੋਚਕ ਤੱਥ: 2021 ਵਿੱਚ Kathy Hochul ਨੇ ਨਿਉ ਯਾੱਰਕ ਦੀ ਪਹਿਲੀ ਔਰਤ ਗਵਰਨਰ ਬਣਕੇ ਸੇਵਾ ਦਿੱਤੀ ਸੀ।
ਨਿਉ ਯਾੱਰਕ ਵਿੱਚ ਗਵਰਨਰ ਤੋਂ ਬਾਅਦ ਲੈਫ਼ਟੀਨੈਂਟ ਗਵਰਨਰ ਦੂਜਾ ਸਭ ਤੋਂ ਉੱਚਾ ਐਗਜ਼ੀਕਿਉਟਿਵ ਅਹੁਦਾ ਹੈ। ਉਹ ਚਾਰ-ਸਾਲ ਦੀ ਮਿਆਦ ਲਈ ਸੇਵਾ ਦਿੰਦੇ ਹਨ।
ਉਹ ਕੀ ਕਰਦੇ ਹਨ:
- ਉਹ ਸਟੇਟ ਦੀ ਸੈਨੇਟ ਦੇ ਪ੍ਰੈਜ਼ੀਡੈਂਟ ਵਜੋਂ ਸੇਵਾ ਦਿੰਦੇ ਹਨ।
- ਜੇ ਗਵਰਨਰ ਆਪਣੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਅਹੁਦਾ ਛੱਡ ਦਿੰਦੇ ਹਨ, ਤਾਂ ਉਹ ਗਵਰਨਰ ਬਣ ਜਾਂਦੇ ਹਨ।
ਰੋਚਕ ਤੱਥ: Mary Anne Krupsak ਨੇ 1975 ਵਿੱਚ ਪਹਿਲੀ ਔਰਤ ਲੈਫ਼ਟੀਨੈਂਟ ਗਵਰਨਰ ਵਜੋਂ ਅਹੁਦਾ ਸੰਭਾਲਿਆ ਸੀ।
ਅਟਾੱਰਨੀ ਜਨਰਲ ਸਟੇਟ ਦਾ ਮੁੱਖ ਕਾਨੂੰਨੀ ਅਫ਼ਸਰ ਹੈ। ਉਹ ਚਾਰ-ਸਾਲ ਦੀ ਮਿਆਦ ਲਈ ਸੇਵਾ ਦਿੰਦੇ ਹਨ।
ਉਹ ਕੀ ਕਰਦੇ ਹਨ:
- ਉਹ ਨਿਉ ਯਾੱਰਕ ਦੇ ਨਾਗਰਿਕਾਂ, ਇਸਦੀਆਂ ਸੰਸਥਾਵਾਂ ਅਤੇ ਇਸਦੇ ਕੁਦਰਤੀ ਸਰੋਤਾਂ ਦੇ ਕਾਨੂੰਨੀ ਹੱਕਾਂ ਦੀ ਰਾਖੀ ਕਰਦੇ ਹਨ।
- ਸਟੇਟ ਸਰਕਾਰ ਦੀ ਐਕਜ਼ੀਕਿਉਟਿਵ ਬ੍ਰਾਂਚ ਨੂੰ ਕਾਨੂੰਨੀ ਸਲਾਹ ਦਿੰਦੇ ਹਨ।
- ਨਿਉ ਯਾੱਰਕ ਸਟੇਟ ਦੀ ਸੰਗਠਿਤ ਕ੍ਰਾਈਮ ਟਾਸਕ ਫ਼ੋਰਸ (New York State Organized Crime Task Force) ਅਤੇ Medicaid ਦੀ ਧੋਖਾਧੜੀ ਕੰਟਰੋਲ ਯੂਨਿਟ (Fraud Control Unit) ਦੀਆਂ ਪੜਤਾਲਾਂ ਦੀ ਨਿਗਰਾਨੀ ਕਰਦੇ ਹਨ।
ਰੋਚਕ ਤੱਥ: NYC ਵਿੱਚ ਮੇਅਰ ਦੇ ਅਹੁਦੇ ਲਈ ਇੱਕ ਵਾਰੀ ਦੇ ਉਮੀਦਵਾਰ Louis Lefkowitz 22 ਸਾਲ ਤੱਕ ਆਪਣੇ ਅਹੁਦੇ 'ਤੇ ਬਣੇ ਰਹੇ ਸੀ। 1777 ਵਿੱਚ ਇਸ ਦਫ਼ਤਰ ਦੀ ਸਥਾਪਨਾ ਤੋਂ ਬਾਅਦ ਉਹਨਾਂ ਦੀ ਇਹ ਸਭ ਤੋਂ ਲੰਮੀ ਮਿਆਦ ਰਹੀ ਹੈ।
ਕੰਪਟ੍ਰੋਲਰ ਨਿਉ ਯਾੱਰਕ ਦਾ ਚੀਫ਼ ਫ਼ਾਇਨਾਂਸ਼ਿਅਲ ਅਫ਼ਸਰ ਹੈ। ਉਹ ਚਾਰ-ਸਾਲ ਦੀ ਮਿਆਦ ਲਈ ਸੇਵਾ ਦਿੰਦੇ ਹਨ।
ਉਹ ਕੀ ਕਰਦੇ ਹਨ:
- ਯਕੀਨੀ ਬਣਾਉਂਦੇ ਹਨ ਕਿ ਸਟੇਟ ਅਤੇ ਸਥਾਨਕ ਸਰਕਾਰਾਂ ਟੈਕਸ ਅਦਾ ਕਰਨ ਵਾਲ਼ਿਆਂ ਦਾ ਪੈਸਾ ਸਾਰਿਆਂ ਦੇ ਫ਼ਾਇਦੇ ਅਤੇ ਹਿੱਤਾਂ ਨੂੰ ਉਤਸਾਹ ਦੇਣ ਲਈ ਅਸਰਦਾਰ ਅਤੇ ਕੁਸ਼ਲਤਾ ਨਾਲ ਇਸਤੇਮਾਲ ਕਰਨ।
- ਸਰਕਾਰੀ ਮੁਲਾਜ਼ਮਾਂ ਲਈ ਰਿਟਾਇਰਮੈਂਟ ਸਿਸਟਮ ਦਾ ਪ੍ਰਬੰਧ ਕਰਦੇ ਹਨ।
- ਸਟੇਟ ਦੇ ਅਕਾਉਂਟਿੰਗ ਸਿਸਟਮ ਅਤੇ ਪੇਰੋਲ ਨੂੰ ਬਣਾਈ ਰੱਖਦੇ ਹਨ।
- ਸਟੇਟ ਦੇ ਠੇਕਿਆਂ ਅਤੇ ਆੱਡਿਟ ਦੇ ਭੁਗਤਾਨਾਂ ਦਾ ਜਾਇਜ਼ਾ ਲੈਂਦੇ ਹਨ।
ਰੋਚਕ ਤੱਥ: ਇਹ ਦਫ਼ਤਰ ਅਮਰੀਕਾ ਦੇ ਸਭ ਤੋਂ ਵੱਡੇ ਪਲਾਨਾਂ ਵਿੱਚੋ ਇੱਕ $258.1 ਅਰਬ ਦੇ ਸਰਕਾਰੀ ਪੇਨਸ਼ਨ ਪਲਾਨ ਦਾ ਪ੍ਰਬੰਧ ਕਰਦਾ ਹੈ।
ਸਟੇਟ ਸੈਨੇਟ, ਸਟੇਟ ਲੈਜਿਸਲੇਚਰ ਦੀ ਉਪਰਲੀ ਸਭਾ ਹੈ। ਇਸ ਵਿੱਚ 63 ਮੈਂਬਰ ਹਨ। ਸਟੇਟ ਸੈਨੇਟਰ ਮਿਆਦ ਦੀ ਸੀਮਾ ਤੋਂ ਬਿਨਾ ਦੋ-ਸਾਲ ਦੀ ਮਿਆਦ ਲਈ ਸੇਵਾ ਦਿੰਦੇ ਹਨ।
- ਵਰਣਨ ਕਰਦੇ ਹਨ ਅਤੇ ਕਾਨੂੰਨ ਲਈ ਵੋਟ ਪਾਉਂਦੇ ਹਨ
- ਸਟੇਟ ਦੇ ਖ਼ਰਚੇ ਦੇ ਪੱਧਰਾਂ ਨੂੰ ਮੰਜ਼ੂਰੀ ਦਿੰਦੇ ਹਨ
- ਗਵਰਨਰ ਦੇ ਵੀਟੋ ਨੂੰ ਬਹਾਲ ਰੱਖਦੇ ਜਾਂ ਰੱਦ ਕਰਦੇ ਹਨ
- ਗਵਰਨਰ ਵਲੋਂ ਸਟੇਟ ਦੇ ਅਫ਼ਸਰਾਂ ਅਤੇ ਅਦਾਲਤੀ ਜੱਜਾਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਦੀ ਪੁਸ਼ਟੀ ਕਰਦੇ ਹਨ
ਰੋਚਕ ਤੱਥ: ਸੈਨੇਟ ਦੀ ਸਰਕਾਰੀ ਮੁਹਰ 'ਤੇ, ਅਜ਼ਾਦੀ ਦੀ ਦੇਵੀ ਨੂੰ ਗੱਦੀਓਂ ਲਾਹੇ ਗਏ ਇੰਗਲਿਸ਼ ਕ੍ਰਾਉਨ 'ਤੇ ਆਪਣਾ ਪੈਰ ਰੱਖੀਂ ਵੇਖਿਆ ਜਾ ਸਕਦਾ ਹੈ।
ਸਟੇਟ ਅਸੈਂਬਲੀ, ਸਟੇਟ ਲੈਜਿਸਲੇਚਰ ਦੀ ਹੇਠਲੀ ਸਭਾ ਹੈ। ਇਸ ਦੇ 150 ਮੈਂਬਰ ਹਨ। ਮਿਆਦ ਦੀ ਸੀਮਾ ਤੋਂ ਬਿਨਾ ਮੈਂਬਰ ਦੋ-ਸਾਲ ਦੀ ਮਿਆਦ ਲਈ ਸੇਵਾ ਦਿੰਦੇ ਹਨ।
- ਵਰਣਨ ਕਰਦੇ ਹਨ ਅਤੇ ਕਾਨੂੰਨ ਲਈ ਵੋਟ ਪਾਉਂਦੇ ਹਨ
- ਸਟੇਟ ਦੇ ਖ਼ਰਚੇ ਦੇ ਪੱਧਰਾਂ ਨੂੰ ਮੰਜ਼ੂਰੀ ਦਿੰਦੇ ਹਨ
- ਗਵਰਨਰ ਦੇ ਵੀਟੋ ਨੂੰ ਬਹਾਲ ਰੱਖਦੇ ਜਾਂ ਰੱਦ ਕਰਦੇ ਹਨ
ਰੋਚਕ ਤੱਥ: ਦੋ ਅਮਰੀਕੀ ਪ੍ਰੈਜ਼ੀਡੈਂਟਾਂ: Millard Fillmore ਅਤੇ Teddy Roosevelt ਨੇ ਸਟੇਟ ਅਸੈਂਬਲੀ ਵਿੱਚ ਸੇਵਾ ਦਿੱਤੀ।
ਸਟੇਟ ਦੀ ਸੁਪਰੀਮ ਕੋਰਟ ਦੇ ਜੱਜ ਆਪਣੀ ਡਿਸਟ੍ਰਿਕਟ ਦੇ ਅੰਦਰ ਬਹੁਤ ਜ਼ਿਆਦਾ ਸੰਗੀਨ ਅਤੇ ਸਿਵਿਲ ਕੇਸਾਂ ਦੀ ਨਿਗਰਾਨੀ ਕਰਦੇ ਹਨ। ਸੁਪਰੀਮ ਕੋਰਟ ਨਿਉ ਯਾੱਰਕ ਸਟੇਟ ਵਿੱਚ ਹੇਠਲੀ ਅਦਾਲਤ ਹੈ; ਅਪੀਲੀ ਅਦਾਲਤ ਸਭ ਤੋਂ ਉੱਚੀ ਅਦਾਲਤ ਹੈ। ਉਹ 14-ਸਾਲ ਦੀ ਮਿਆਦ ਲਈ ਸੇਵਾ ਦਿੰਦੇੇ ਹਨ।
- ਤਲਾਕ, ਤੋੜ-ਵਿਛੋੜਾ ਅਤੇ ਰੱਦ ਕਰਨ ਦੀ ਕਾਰਵਾਈ ਦੀ ਪ੍ਰਧਾਨਗੀ ਕਰਦੇ ਹਨ।
- ਸੰਗੀਨ ਜੁਰਮਾਂ ਦੇ ਮੁਕੱਦਮਿਆਂ ਨਾਲ ਨਜਿੱਠਦੇ ਹਨ
- $25,000 ਤੋਂ ਉੱਪਰ ਦੇ ਦੀਵਾਨੀ ਮਾਮਲਿਆਂ ਦਾ ਫ਼ੈਸਲਾ ਕਰਦੇ ਹਨ
ਮਜ਼ੇਦਾਰ ਤੱਥ: ਨਿਉ ਯਾੱਰਕ ਸਟੇਟ ਸੁਪਰੀਮ ਕੋਰਟ ਦੀ ਸਥਾਪਨਾ 1691 ਵਿੱਚ ਹੋਈ ਸੀ, ਇਸ ਕਰਕੇ ਇਹ ਅਮਰੀਕਾ ਦੀਆਂ ਸਭ ਤੋਂ ਪੁਰਾਣੀਆਂ ਅਦਾਲਤਾਂ ਵਿੱਚੋਂ ਇੱਕ ਹੈ।
ਕਾਉਂਟੀ ਦਫ਼ਤਰ ਕੀ ਕਰਦੇ ਹਨ??
ਡਿਸਟ੍ਰਿਕਟ ਅਟਾੱਰਨੀ, ਆਪਣੀ ਕਾਉਂਟੀ ਲਈ ਪ੍ਰਮੁੱਖ ਵਕੀਲ ਹੈ। ਉਹ 4 ਸਾਲਾਂ ਲਈ ਸੇਵਾ ਦਿੰਦੇ ਹਨ। ਮਿਆਦ ਦੀ ਕੋਈ ਸੀਮਾ ਨਹੀਂ ਹੈ।
ਉਹ ਕੀ ਕਰਦੇ ਹਨ:
- ਫ਼ੈਸਲਾ ਕਰਨਾ ਕਿ ਕਿਹੜੇ ਕੇਸਾਂ 'ਤੇ ਮੁਕੱਦਮਾ ਚਲਾਉਣਾ ਹੈ (ਅਤੇ ਕਿਹੜਿਆਂ 'ਤੇ ਨਹੀਂ)
- ਸਾਰੇ ਮੁਜਰਮਾਨਾ ਮੁਕੱਦਮਿਆਂ ਦੀ ਨਿਗਰਾਨੀ ਕਰਨਾ
- ਮੁਜਰਮਾਨਾ ਵਿਹਾਰ ਦੀ ਪੜਤਾਲ ਕਰਨੀ ਅਤੇ ਮੁਕੱਦਮਾ ਚਲਾਉਣਾ
ਰੋਚਕ ਤੱਥ: NYC ਵੋਟਰ ਆਪਣੇ ਖ਼ੁਦ ਦੇ DAs ਦੀ ਚੋਣ ਕਰ ਸਕਦੇ ਹਨ! ਕੁਝ ਸਟੇਟਾਂ ਚੋਣਾਂ ਤੋਂ ਬਿਨਾ ਆਪਣੇ ਆਪ ਨਿਯੁਕਤੀਆਂ ਕਰਦੀਆਂ ਹਨ।
ਸਿਵਿਲ ਕੋਰਟ ਦੇ ਜੱਜ ਕਾਉਂਟੀਆਂ ਜਾਂ ਡਿਸਟ੍ਰਿਕਟਸ ਦੀ ਨੁਮਾਇੰਦਗੀ ਕਰ ਸਕਦੇ ਹਨ, ਇਸ ਕਰਕੇ ਤੁਹਾਨੂੰ ਆਪਣੀ ਵੋਟ-ਪਰਚੀ 'ਤੇ ਸਿਵਿਲ ਕੋਰਟ ਦੇ ਇੱਕ ਤੋਂ ਵੱਧ ਜੱਜ ਨਜ਼ਰ ਆ ਸਕਦੇ ਹਨ। ਜੱਜਾਂ ਨੂੰ 10-ਸਾਲ ਦੀ ਮਿਆਦ ਲਈ ਚੁਣਿਆ ਜਾਂਦਾ ਹੈ ਅਤੇ ਉਹਨਾਂ ਵਲੋਂ ਸੁਣਵਾਈ ਕੀਤੇ ਜਾਣ ਵਾਲ਼ੇ ਕੇਸਾਂ ਵਿੱਚ ਸ਼ਾਮਿਲ ਹਨ:
- $25,000 ਤੱਕ ਦੇ ਦੀਵਾਨੀ ਮਾਮਲੇ
- ਮਕਾਨ-ਮਾਲਕ-ਕਿਰਾਏਦਾਰ ਦੇ ਮਾਮਲੇ ਅਤੇ ਹਾਊਸਿੰਗ ਸਬੰਧੀ ਮਿਆਰਾਂ ਦੀ ਸਾਂਭ-ਸੰਭਾਲ ਵਾਲ਼ੇ ਕੇਸ
- ਛੋਟੇ ਜੁਰਮਾਂ ਦਾ ਮੁਜਰਮਾਨਾ ਮੁਕੱਦਮਾ
ਰੋਚਕ ਤੱਥ: NYC ਦੀ ਸਿਵਿਲ ਅਦਾਲਤ (NYC Civil Court) ਅਮਰੀਕਾ ਵਿੱਚ ਸਭ ਤੋਂ ਵੱਡੀ ਦੀਵਾਨੀ ਅਧਿਕਾਰ-ਖੇਤਰ ਵਾਲ਼ੀ ਅਦਾਲਤ ਹੈ।
ਸਰੋਗੇਟ ਅਦਾਲਤ ਦੇ ਜੱਜ ਕਾਉਂਟੀ ਦੇ ਵਸਨੀਕਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਜਾਇਦਾਦ ਨਾਲ ਜੁੜੇ ਕੇਸਾਂ ਦਾ ਫ਼ੈਸਲਾ ਕਰਦੇ ਹਨ। ਉਹ 14 ਸਾਲ ਦੀ ਮਿਆਦ ਲਈ ਸੇਵਾ ਦਿੰਦੇ ਹਨ ਅਤੇ ਜਿਹੜੇ ਕੇਸਾਂ ਦੀ ਸੁਣਵਾਈ ਕਰਦੇ ਹਨ, ਵਿੱਚ ਸ਼ਾਮਿਲ ਹਨ:
- ਮ੍ਰਿਤਕ ਸਬੰਧੀ ਮਾਮਲਿਆਂ ਨਾਲ ਜੁੜੇ ਕੇਸ, ਜਿਵੇਂ ਵਸੀਅਤ ਅਤੇ ਜਾਇਦਾਦ ਦਾ ਪ੍ਰਬੰਧ ਕਰਨਾ
- ਬੱਚਾ ਗੋਦ ਲੈਣਾ
- ਸਰਪ੍ਰਸਤੀ
ਰੋਚਕ ਤੱਥ: ਸਰੋਗੇਟ ਅਦਾਲਤ ਦੀ ਖ਼ੂਬਸੂਰਤ ਇਮਾਰਤ ਵਪਾਰਕ ਸੈਂਟਰ ਮੈਨਹੱਟਨ ਵਿੱਚ ਬਣੀ ਹੋਈ ਹੈ ਅਤੇ ਫ਼ਿਲਮਾਂ ਅਤੇ ਟੀਵੀ ਦੇ ਪ੍ਰੋਗਰਾਮ ਫ਼ਿਲਮਾਉਣ ਵਾਸਤੇ ਹਰਮਨਪਿਆਰੀ ਥਾਂ ਹੈ। ਇਸ ਦਾ ਨਾਂ ਇੱਕ ਇਤਿਹਾਸਕ ਥਾਂ ਵਜੋਂ ਰਖਿਆ ਗਿਆ ਹੈ।
ਪਾਰਟੀ ਦਫ਼ਤਰ ਕੀ ਕਰਦੇ ਹਨ?
ਅਦਾਲਤੀ ਸਮਾਗਮ ਦੇ ਡੈਲੀਗੇਟ ਸਟੇਟ ਸੁਪਰੀਮ ਕੋਰਟ ਲਈ ਆਪਣੀ ਪਾਰਟੀ ਦੇ ਨਾਮਜ਼ਦ ਮੈਂਬਰਾਂ ਦੀ ਚੋਣ ਕਰਦੇ ਹਨ । ਤੁਹਾਡੀ ਅਸੈਂਬਲੀ ਡਿਸਟ੍ਰਿਕਟ ਇਹ ਫ਼ੈਸਲਾ ਕਰਦੀ ਹੈ ਕਿ ਤੁਸੀਂ ਕਿੰਨੇ ਡੈਲੀਗੇਟ ਨੂੰ ਵੋਟ ਪਾ ਸਕਦੇ ਹੋ। ਤੁਹਾਡੀ ਵੋਟ-ਪਰਚੀ ਤੋਂ ਹੀ ਤੁਹਾਨੂੰ ਪਤਾ ਚੱਲੇਗਾ ਕਿ ਤੁਸੀਂ ਕਿੰਨੇ ਡੈਲੀਗੇਟ ਦੀ ਚੋਣ ਕਰ ਸਕਦੇ ਹੋ। ਇਹ ਡੈਲੀਗੇਟ ਸਰਕਾਰੀ ਅਫ਼ਸਰ ਨਹੀਂ ਹਨ, ਪਰ ਉਹਨਾਂ ਨੂੰ ਆਪਣੀ ਸਿਆਸੀ ਪਾਰਟੀ ਦੇ ਅੰਦਰ ਇੱਕ ਅਹੁਦੇ ਲਈ ਚੁਣਿਆ ਜਾਂਦਾ ਹੈ।
ਉਹ ਕੀ ਕਰਦੇ ਹਨ:
- ਉਹ ਆਪਣੀ ਪਾਰਟੀ ਦੇ ਅਦਾਲਤੀ ਸਮਾਗਮ ਵਿੱਚ ਹਿੱਸਾ ਲੈਂਦੇ ਹਨ।
- ਆਮ ਚੋਣਾਂ ਵਿੱਚ ਸਟੇਟ ਸੁਪਰੀਮ ਕੋਰਟ ਲਈ ਆਪਣੀ ਪਾਰਟੀ ਦੇ ਨੁਮਾਇੰਦਿਆਂ ਦੀ ਚੋਣ ਕਰਦੇ ਹਨ।
- ਸੇਵਾ ਦੇਣ ਦੇ ਅਸਮਰੱਥ ਡੈਲੀਗੇਟ ਦੇ ਮਾਮਲੇ ਵਿੱਚ ਬਦਲਵੇਂ ਡੈਲੀਗੇਟ ਚੁਣੇ ਜਾਂਦੇ ਹਨ (ਜਿਉਰੀ ਬਾਰੇ ਵਿਕਲਪ ਰਾਹੀਂ)।
ਸਟੇਟ ਦੀ ਕਮੇਟੀ ਦੇ ਮੈਂਬਰ, ਸਟੇਟ ਦੀਆਂ ਸਿਆਸੀ ਪਾਰਟੀਆਂ ਦੇ ਅੰਦਰ ਆਪਣੀ ਅਸੈਂਬਲੀ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਦੇ ਹਨ। ਕਾਨੂੰਨ ਅਨੁਸਾਰ, ਬਹੁਤੀਆਂ ਡਿਸਟ੍ਰਿਕਟ ਵਿੱਚ ਇੱਕ ਮਰਦ ਅਤੇ ਇੱਕ ਔਰਤ ਨੁਮਾਇੰਦਾ ਚੁਣਿਆ ਜਾਂਦਾ ਹੈ। ਕਮੇਟੀ ਦੇ ਮੈਂਬਰ ਦੋ-ਸਾਲ ਦੀ ਮਿਆਦ ਲਈ ਸੇਵਾ ਦਿੰਦੇ ਹਨ।
ਉਹ ਕੀ ਕਰਦੇ ਹਨ:
- ਇਹ ਮੈਂਬਰ ਆਪਣੀ ਪਾਰਟੀ ਦੇ ਸਮਾਗਮ ਅਤੇ ਸਲਾਨਾ ਮੀਟਿੰਗਾਂ ਵਿੱਚ ਹਿੱਸਾ ਲੈਂਦੇ ਹਨ।
- ਆਪਣੇ ਭਾਈਚਾਰੇ, ਸਥਾਨਕ ਤੌਰ 'ਤੇ ਚੁਣੇ ਗਏ ਅਫ਼ਸਰਾਂ, ਸ਼ਹਿਰੀ ਸਰਕਾਰ, ਅਤੇ ਸਿਆਸੀ ਉਮੀਦਵਾਰਾਂ ਵਿਚਕਾਰ ਤਾਲਮੇਲ ਕਰਨ ਵਜੋਂ ਸੇਵਾ ਦਿੰਦੇ ਹਨ।
ਡਿਸਟ੍ਰਿਕਟ ਆਗੂ, ਹਰ ਕਾਉਂਟੀ ਵਿੱਚ ਸਿਆਸੀ ਪਾਰਟੀਆਂ ਚਲਾਉਣ ਵਿੱਚ ਮਦਦ ਕਰਦੇ ਹਨ। ਹਰ ਅਸੈਂਬਲੀ ਡਿਸਟ੍ਰਿਕਟ ਦੇ ਅੰਦਰ ਸੇਵਾ ਦੇਣ ਲਈ ਘੱਟੋ-ਘੱਟ ਇੱਕ ਮਰਦ ਅਤੇ ਇੱਕ ਔਰਤ ਨੁਮਾਇੰਦਾ ਚੁਣਿਆ ਜਾਂਦਾ ਹੈ। ਡਿਸਟ੍ਰਿਕਟ ਆਗੂ ਦੋ-ਸਾਲ ਦੀ ਮਿਆਦ ਲਈ ਸੇਵਾ ਦਿੰਦੇ ਹਨ।
ਉਹ ਕੀ ਕਰਦੇ ਹਨ:
- ਇਹ ਆਗੂ, ਪੋਲ ਵਰਕਰਾਂ ਨੂੰ ਨਾਮਜ਼ਦ ਕਰਨ ਲਈ ਸ਼ਹਿਰੀ ਚੋਣਾਂ ਬਾਰੇ ਬੋਰਡ (Board of Elections) ਨਾਲ ਕੰਮ ਕਰਦੇ ਹਨ।
- ਸਿਵਿਲ ਅਤੇ ਸੁਪਰੀਮ ਕੋਰਟ ਵਿੱਚ ਜੱਜ ਦੇ ਅਹੁਦਿਆਂ ਲਈ ਉਮੀਦਵਾਰਾਂ ਨੂੰ ਨਾਮਜ਼ਦ ਕਰਦੇ ਹਨ।
- ਆਪਣੀ ਪਾਰਟੀ ਦੀ ਲੀਡਰਸ਼ਿਪ ਅਤੇ ਨੇਮਾਂ ਲਈ ਵੋਟ ਪਾਉਂਦੇ ਹਨ।
ਕਾਉਂਟੀ ਦੇ ਕਮੇਟੀ ਮੈਂਬਰ ਸਟੇਟ ਦੀਆਂ ਖ਼ਾਸ ਚੋਣਾਂ ਲਈ ਆਪਣੀ ਸਿਆਸੀ ਪਾਰਟੀ ਅਤੇ ਆਪਣੀ ਸਿਆਸੀ ਪਾਰਟੀ ਦੇ ਉਮੀਦਵਾਰਾਂ ਵਾਸਤੇ ਕਾਉਂਟੀ ਦੇ ਆਗੂਆਂ ਦੀ ਚੋਣ ਕਰਦੇ ਹਨ। ਕੁਝ ਬਰੋਜ਼ ਵਿੱਚ ਵੋਟਰ, ਕਾਉਂਟੀ ਕਮੇਟੀ ਦੇ ਮਰਦ ਅਤੇ ਔਰਤ ਮੈਂਬਰਾਂ ਦੀ ਚੋਣ ਕਰਦੇ ਹਨ।
ਉਹ ਕੀ ਕਰਦੇ ਹਨ:
- ਸਟੇਟ ਦੀਆਂ ਖ਼ਾਸ ਚੋਣਾਂ ਲਈ ਪਾਰਟੀ ਦੇ ਉਮੀਦਵਾਰ ਚੁਣਦੇ ਹਨ।
- ਆਪਣੀ ਸਿਆਸੀ ਪਾਰਟੀ ਲਈ ਕਾਉਂਟੀ ਦੇ ਆਗੂਆਂ ਵਾਸਤੇ ਵੋਟ ਪਾਉਂਦੇ ਹਨ।
- ਕਾਉਂਟੀ ਦੀ ਪਾਰਟੀ ਦੇ ਬਜਟ ਅਤੇ ਹੋਰ ਅੰਦਰੂਨੀ ਪਾੱਲਿਸੀਆਂ ਨੂੰ ਮੰਜ਼ੂਰੀ ਦਿੰਦੇ ਹਨ।